ਫ਼ਰੀਦਕੋਟ ਦੇ ਪਿੰਡ ਮਾਨ ਮਰਾੜ ਦੇ ਨੌਜਵਾਨ ਦਾ ਮਨੀਲਾ ’ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 26 ਸਾਲਾ ਦਾ ਗੁਰਵਿੰਦਰ ਸਿੰਘ ਘਰੋਂ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਮਨੀਲਾ ਗਿਆ ਪਰ ਘਰ ਵਾਪਸ ਆਈ ਗੁਰਵਿੰਦਰ ਦੀ ਲਾਸ਼। ਜਾਣਕਾਰੀ ਅਨੁਸਾਰ ਪਿੰਡ ਮਰਾੜ ਦੇ ਸੂਬਾ ਸਿੰਘ ਦਾ ਬੇਟਾ ਗੁਰਵਿੰਦਰ ਸਿੰਘ ਕਰੀਬ ਦੋ ਸਾਲ ਪਹਿਲਾਂ ਰੁਜ਼ਗਾਰ ਲਈ ਮਨੀਲਾ ਗਿਆ ਸੀ। ਬੀਤੇ ਦਿਨੀਂ ਉਨ੍ਹਾਂ ਦੇ ਰਿਸ਼ਤੇਦਾਰ ਨੇ ਫੋਨ ਕਰ ਕੇ ਦੱਸਿਆ ਕਿ ਮਨੀਲਾ ਦੀ ਮਾਰਬਲ ਸਿਟੀ ਵਿਖੇ ਅਣਪਛਾਤੇ ਵਿਅਕਤੀਆਂ ਨੇ ਗੁਰਵਿੰਦਰ ਨੂੰ ਚਾਰ-ਪੰਜ ਗੋਲ਼ੀਆਂ ਮਾਰ ਦਿੱਤੀਆਂ, ਜਿਸ ਨਾਲ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ। ਗੁਰਵਿੰਦਰ ਦੇ ਪਰਿਵਾਰ ਦੱਸਣ ਮੁਤਾਬਿਕ ਮੌਤ ਹੋਣ ਤੋਂ ਕੁਝ ਦਿਨ ਪਹਿਲਾਂ ਗੁਰਵਿੰਦਰ ਸਿੰਘ ਦਾ ਆਪਣੇ ਪਿਤਾ ਸੂਬਾ ਸਿੰਘ ਕੋਲ ਫੋਨ ਕਰ ਕੇ ਆਪਣੇ ਭਰਾ ਨੂੰ ਵੀ ਕਾਰੋਬਾਰ ਲਈ ਉੱਥੇ ਸੱਦਣ ਲਈ ਤਿਆਰੀ ਕਰ ਰਿਹਾ ਸੀ ਪਰ ਪਾਸਪੋਰਟ ਨਾ ਹੋਣ ਕਰ ਕੇ ਜਾ ਨਾ ਸਕਿਆ ਪਰ ਗੁਰਵਿੰਦਰ ਦੇ ਪਿਤਾ ਸੂਬਾ ਸਿੰਘ ਨੇ ਉਸ ਦੇ ਛੋਟੇ ਭਰਾ ਦਾ ਪਾਸਪੋਰਟ ਤਿਆਰ ਕਰਵਾ ਲਿਆ ਸੀ ਅਤੇ ਗੁਰਵਿੰਦਰ ਕੋਲ ਭੇਜਣ ਦੀ ਤਿਆਰੀ ਪਰ ਇਹ ਰੱਬ ਨੂੰ ਮਨਜ਼ੂਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਕੀਤਾ ਹੈ, ਪੰਜਾਬ ਸਰਕਾਰ ਨੂੰ ਗੁਹਾਰ ਲਾਉਂਦਿਆਂ ਕਿਹਾ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਕਿ ਸਾਡੇ ਪੁੱਤ ਦਾ ਕਤਲ ਕਿਸ ਨੇ ਕੀਤਾ ਹੈ, ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਗੁਰਵਿੰਦਰ ਸਿੰਘ ਦਾ ਉਨ੍ਹਾਂ ਦੇ ਜੱਦੀ ਮਾਨ ਮਰਾੜ ਪਿੰਡ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਗੁਰਵਿੰਦਰ ਦੇ ਕਰੀਬੀ ਰਿਸ਼ਤੇਦਾਰ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਛੋਟਾ ਕਿਸਾਨ ਹੋਣ ਕਰ ਕੇ ਘਰ ਦੇ ਹਾਲਾਤ ਉਦਾਂ ਦੇ ਹੀ ਸੀ। ਕਰਜ਼ਾ ਚੁੱਕ ਸੂਬਾ ਸਿੰਘ ਨੇ ਆਪਣੇ ਪੁੱਤ ਨੂੰ 17/2/2023 ਨੂੰ ਭੇਜਿਆ ਸੀ ਵਿਦੇਸ਼ ਨਹੀਂ ਪਤਾ ਸੀ ਕਿ ਕਮਾਈ ਕਰਨ ਗਏ ਪੁੱਤ ਦੀ ਘਰ ਲਾਸ਼ ਆਵੇਗੀ। ਜਦੋਂ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਬਹੁਤ ਮਿਹਨਤੀ ਪਰਿਵਾਰ ਸੀ ਪਰ ਜੋ ਹੋਇਆ ਧੱਕਾ ਹੋਇਆ। ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦੀ ਇੱਕ ਭੈਣ ਤੇ ਇੱਕ ਭਰਾ ਹੈ, ਜੋ ਕਿ ਗੁਰਵਿੰਦਰ ਸਿੰਘ ਤੋਂ ਛੋਟੇ ਹਨ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੇ ਗ੍ਰਹਿ ਮੰਤਰਾਲੇ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਕਾਤਲਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਧਰਵਾਸਾ ਦਿੱਤਾ ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਆਪਣੇ ਤੌਰ ’ਤੇ ਪੂਰੀ ਕੋਸ਼ਿਸ਼ ਕਰਨਗੇ। ਇਸ ਮੌਕੇ ਪਿੰਡ ਵਾਸੀ ਰਿਸ਼ਤੇਦਾਰ ਆਸ-ਪਾਸ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ।
